ਵਾਰਤਕ

ਗੁਰਮੀਤ ਸਿੰਘ ਬਰਾੜ
"ਕਿਵ ਸਚਿਆਰਾ ਹੋਈਐ…"
ਚਾਚਾ ਜੀ, "ਸਤਿ ਸ੍ਰੀ ਅਕਾਲ"ਉਹ ਆ ਭਤੀਜ, "ਤੂੰ ਤਾਂ ਈਦ ਦਾ ਚੰਦ ਈ ਹੋ ਗਿਆ ਕਿਨਾਂ ਚਿਰ ਹੋ ਗਿਆ ਦਰਸ਼ਨ ਹੀ ਨੀ ਦਿੱਤੇ"ਕਾਹਦਾ ਚਾਚਾ ਜੀ, " ਆਹ ਕਨੇਡਾ ਦੇ ਰੀਸੈਸ਼ਨ ਨੇ ਸਾਰੇ ਝਜੋæੜਕੇ ਰੱਖਤੇ ਇੱਕ ਕੰਮ ਦੀ ਸ਼ਿਫਟ ਐਸੀ ਕਸੂਤੀ ਮਿਲੀ ਕਿ 12 ਘੰਟੇ ਉਹ ਵੀ ਰਾਤ ਨੂੰ,ਦਿਨ ਉੱਲੂ ਵਾਂਗੂ ਸੌਂ ਕੇ ਲੰਘਾ ਲਈਦਾ ਤੇ ਰਾਤ ਕੰਮ ਤੇ ਅੱਜ ਵਿਹਲ ਮਿਲੀ,ਮੈ ਕਿਹਾ ਚਾਚੇ ਨੂੰ ਮਿਲ ਆਂਵਾਂ"
ਭਤੀਜ, "ਸੌਂਹ ਗੁਰੂ ਦੀ ਜਦੋਂ ਤੂੰ ਐਨੇ ਮੋਹ ਨਾਲ ਮਿਲਣ ਆਉਨਾ ਤਾਂ ਮੇਰੇ ਸਾਰੇ ਸ਼ਿਕਵੇ ਦੂਰ ਹੋ ਜਾਂਦੇਆ" ਚਾਚਾ ਜੀ, " ਆਹ ਕਿਹੜੀ ਕਿਤਾਬ ਆ ਇਹਦੇ ਵਿੱਚ ਐਨਾ ਖੁੱਬੇ ਸੀ ਕਿ ਮੇਰੇ ਆਉਣ ਦਾ ਪਤਾ ਈ ਨੀ ਲੱਗਾ ਪਹਿਲਾਂ ਮੈ ਪਿਛੋਂ ਦੀ ਆਕੇ ਅੱਖਾਂ ਮੀਚਣ ਲੱਗਾ ਸੀ,ਕਿ ਚਾਚਾ ਪਛਾਣਦਾ ਵੀਆ ਕਿ ਨਹੀ"ਭਤੀਜ, " ਆਪਣੇ ਪਿਆਰਿਆਂ ਦੀ ਮਹਿਕ ਤਾਂ ਅੱਖਾਂ ਮੀਚਕੇ ਮੀਲਾਂ ਤੋਂ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਜਪੁਜੀ ਸਹਿਬ ਦੀ ਵਿਆਖਿਆ ਕੀਤੀਆ ਪ੍ਰੋ: ਸਹਿਬ ਸਿੰਘ ਜੀ ਨੇ, ਅਸੀਂ ਸਾਰੇ ਪਾਠ ਦਾ ਤੋਤਾ ਰਟਨ ਕਰੀ ਜਾਨੇਆ ਪਰ ਸਮਝਣ ਦੀ ਕੋਸ਼ਿਸ ਕਰਦੇ ਹੀ ਨਹੀ ਕਿ ਇਹਦੇ ਮੱਤਲਬ ਕੀ ਨਿਕਲਦੇਆ ਕੱਲ ਮੈ ਜਪੁਜੀ ਸਹਿਬ ਪੜਦਾ ਸੀ ਕਿ ਮੇਰੇ ਦਿੱਲ ਵਿੱਚ ਇੱਕ ਤੁੱਕ ਵਾਰ ਵਾਰ ਗੂੰਜਣ ਲੱਗੀ ਬੱਸ ਉਸ ਦੀ ਵਿਆਖਿਆ ਪੜ੍ਹ ਰਿਹਾ ਸੀ ਕਿ ਇਸ ਦੇ ਅਰਥ ਕੀ ਹਨ"
ਚਾਚਾ ਜੀ, "ਕੀ ਸੀ ਉਹ ਤੁੱਕ ਕੁੱਝ ਸਾਨੂੰ ਵੀ ਚਾਨਣਾ ਪਾਉ ਅਸੀਂ ਤਾਂ ਪਾਠ ਵੀ ਕਿਤੇ ਕਾਰ ਵਿੱਚ ਸੀ ਡੀ ਲਾਕੇ ਸੁਣ ਲਈਦਾ ਨਹੀ ਤਾਂ ਬੱਸ ਕੋਈ ਪੰਜਾਬੀ ਪ੍ਰੋਗ੍ਰਾਮ ਚਲਦਾ ਹੁੰਦਾ ਉਹਦੇ ਤੇ ਸੂਈ ਘੁਮਾਅ ਦੇਈਦੀ ਹੈ" ਭਤੀਜ ਤੁੱਕ ਸੀ, " ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੇ ਪਾਲਿ' ਭਾਵ ਮਨੁੱਖ ਪ੍ਰਮਾਤਮਾ ਨੂੰ ਪੁੱਛਦਾ ਹੈ ਕਿ ਮੈ ਕਿਵੇਂ ਸਚਿਆਰ ਬਣਾ ਕਿ ਤੇਰੇ ਤੇ ਮੇਰੇ ਵਿੱਚ ਜੋ ਕੂੜ ਦੀ ਕੰਧ ਬਣੀ ਹੈ ਉਹ ਟੱਟ ਜਾਵੇ,ਮੈ ਇਹ ਹੀ ਸੋਚਦਾ ਸੀ ਕਿ ਅਸੀਂ ਸ਼ਿਰਫ ਪੁੱਛਦੇ ਹੀ ਰਹਾਂਗੇ ਕਿ ਸਚਿਆਰ ਬਣਨ ਦੀ ਕੋਸ਼ਿਸ਼ ਵੀ ਕਰਾਂਗੇ" ਚਾਚਾ ਜੀ, "ਮੇਰੇ ਹਿਸਾਬ ਨਾਲ ਬਹੁਤਾਤ ਤਾਂ ਬੱਸ ਪੁੱਛਦੀ ਹੀ ਹੈ ਹੋ ਸਕਦਾ ਕੁੱਝ ਕੁ ਲੋਕ ਇਹ ਕੰਧ ਨੂੰ ਤੋੜਨ ਲਈ ਯੱਤਨਸ਼ੀਲ ਹੋਣ"ਪਰ ਭਤੀਜ, " ਮੈ ਇਹ ਸੋਚਦਾ ਕਿ ਅਸੀਂ ਸਾਰੇ ਪ੍ਰਮਾਤਮਾ ਦਾ ਹੀ ਇੱਕ ਛੋਟਾ ਜਿਹਾ ਹਿੱਸਾ ਹਾਂ। ਪਰ ਅਸੀਂ ਆਪ ਹੀ ਆਪਣੇ ਤੇ ਪ੍ਰਮਾਤਮਾ ਵਿੱਚ ਇਹ ਕੰਧ ਖੜੀ ਕਰ ਲੈਂਦੇ ਹਾਂ"ਚਾਚਾ ਜੀ, "ਉਹ ਕਿਵੇਂ, ਮੈ ਤਾਂ ਇਹ ਸੁਣਿਆਂ ਕਿ ਕਰਨ ਕਰਾਵਣ ਆਪੇ ਆਪ ਮਾਨਸ ਕੇ ਕੁੱਛ ਨਹੀ ਹਾਥ"ਭਤੀਜ, "ਇਸ ਵਿੱਚ ਕੋਈ ਸੱæਕ ਨਹੀ ਕਿ ਸਾਰੀ ਕੁੱਦਰਤ ਤਾਂ ਪ੍ਰਮਾਤਮਾ ਦੇ ਕਨੂੰਨ ਵਿੱਚ ਚੱਲ ਰਹੀ ਹੈ ਪਰ ਮਨੁੱਖ ਇਹਦੇ ਵਿੱਚ ਆਪਣੀ ਲੱਤ ਅੜਾਉਂਣ ਤੋਂ ਬਾਜ ਨਹੀ ਆਉਂਦਾ, ਪ੍ਰਮਾਤਮਾ ਤੋਂ ਜੋ ਵੀ ਚੀਜ਼ ਮਿਲਦੀ ਹੈ ਜਿਵੇਂ ਰੋਸ਼ਨੀ,ਹਵਾ,ਪਾਣੀ,ਗਰਮੀ,ਸਰਦੀ, ਜਿਉਂਣ ਦਾ ਹੱਕ ਆਦਿ ਸਭ ਨੂੰ ਬਰਾਬਰ ਹੈ ਪਰ ਮਨੁੱਖ ਇਹਨਾਂ ਤੇ ਕਬਜ਼ਾ ਕਰਨਾ ਚਹੁੰਦਾ ਹੈ, ਤਾਂ ਕਿ ਉਹ ਕੁੱਦਰਤ ਨੂੰ ਆਪਣੇ ਢੰਗ ਨਾਲ ਚਲਾ ਸਕੇ ਅਤੇ ਮਨੁੱਖਤਾ ਨੂੰ ਆਪਣਾ ਗੁਲਾਮ ਬਣਾ ਸਕੇ ਇਹ ਹੁੰਦਾ ਉਦੋਂ ਹੈ ਜਦੋਂ ਮਨੁੱਖ ਰੱਬ(ਕਰਤੇ) ਨੂੰ ਭੁੱਲ ਜਾਂਦਾ ਹੈ। ਬਾਣੀ ਦੀ ਤੁੱਕ ਹੈ, "ਹਰਿ ਬਿਸਰਤ ਤੇਰੇ ਗੁਣ ਗਲਿਆ" ਭਾਵ ਜਦੋਂ ਮਨੁੱਖ ਪ੍ਰਮਾਤਮਾ ਨੂੰ ਭੁੱਲਦਾ ਹੈ ਤਾਂ ਉਸ ਦੇ ਗੁਣ ਗਲਣੇ ਸ਼ੁਰੂ ਹੋ ਜਾਂਦੇ ਹਨ"ਚਾਚਾ ਜੀ, " ਬਹੁਤੇ ਲੋਕ ਤਾਂ ਇਹ ਕਹਿ ਛੱਡਦੇ ਹਨ ਪਾਠ ਕਰਨ ਨੂੰ ਕੀ ਆ ਬਸ ਦਿੱਲ ਸਾਫ ਹੋਣਾ ਚਾਹੀਦਾ"
ਭਤੀਜ, " ਇਹ ਸਭ ਬਹਾਨੇਆਂ ਕਿਹੜਾ ਕਿਸੇ ਨੇ ਕਿਸੇ ਦੇ ਦਿੱਲ ਵਿੱਚ ਵੜਕੇ ਦੇਖਣਾ ਹੈ ਕਿ ਦਿਲ ਸਾਫ ਹੈ ਕਿ ਨਹੀ ਆਦਮੀ ਤਾਂ ਉਸਦੇ ਕੀਤੇ ਚੰਗੇ ਕੰਮਾਂ ਤੋਂ ਜਾਂ ਭੈੜੀਆਂ ਕਰਤੂਤਾਂ ਹੀ ਪਹਿਚਾਣਿਆ ਜਾਂਦਾ ਹੈ। ਪਰ ਭਤੀਜ ਅੱਜ ਕੱਲ ਜਿਸਦੀ ਜ਼ੁਬਾਨ ਜਿਆਦਾ ਚਲਦੀ ਹੈ। ਉਹ ਕੁੱਝ ਚਿਰ ਲੋਕਾਂ ਲਈ ਨੂੰ ਬੁੱਧੂ ਜਰੂਰ ਬਣਾ ਜਾਂਦਾ ਹੈ। ਚਾਚਾ ਜੀ, "ਤੁਹਾਡੀ ਗੱਲ ਸੋਲਾਂ ਆਨੇ ਸੱਚ ਹੈ ਕਈ ਲੋਕ ਲੱਛੇਦਾਰ ਗੱਲਾਂ ਦਾ ਜਾਲ ਬੁਣਨ ਵਿੱਚ ਬਹੁਤ ਮਾਹਰ ਹੁੰਦੇ ਹਨ। ਪਰ ਭੋਲੇ ਲੋਕ ਆਪਣੀ ਮੂੰਹ ਤੇ ਕੀਤੀ ਵਡਿਆਈ ਨੂੰ ਸੱਚ ਮੰਨ ਕੇ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਪਰ ਇਹ ਨਹੀ ਸੋਚਦੇ ਕਿ ਸਾਡਾ ਅਸਲੀ ਹਮਦਰਦ ਜਾਂ ਕਦਰਦਾਨ ਉਹ ਹੈ ਜੋ ਪਿੱਠ ਪਿੱਛੇ ਵੀ ਵਡਿਆਈ ਕਰਦਾ ਹੈ। ਸਾਨੂੰ ਚੰਗਾ ਕਰਨ ਤੇ ਸਲ੍ਹਾਉਂਦਾ ਤੇ ਮਾੜਾ ਕਰਨ ਤੇ ਟੋਕਦਾ ਵੀ ਆ"ਭਤੀਜ, " ਗੁਰਬਾਣੀ ਸਾਨੂੰ ਹਰ ਸਵਾਲ ਦਾ ਜ਼ਵਾਬ ਦਿੰਦੀ ਹੈ । ਸ੍ਰੀ ਗੁਰੂ ਅਰਜ਼ਨ ਦੇਵ ਜੀ ਸੁੱਖਮਣੀ ਸਾਹਿਬ ਵਿੱਚ ਲਿੱਖਦੇ ਹਨ, "ਰਹਤ ਅਵਰ ਕਛੁ ਅਵਰ ਕਮਾਵਤ।।ਮਨਿ ਨਹੀ ਪ੍ਰੀਤ ਮੁਖਹੁ ਗੰਢ ਲਾਵਤ।। ਜਾਨਨ ਹਾਰ ਪ੍ਰਭੂ ਪਰਬੀਨ।। ਬਾਹਰਿ ਭੇਖ ਨ ਕਾਹੂ ਭੀਨ।। ਭਾਵ ਕੁੱਝ ਮਨੁੱਖ ਕਹਿੰਦੇ ਹੋਰ ਤੇ ਕਰਦੇ ਹੋਰ ਹਨ । ਮਨ ਵਿੱਚ ਉਹਨਾਂ ਦੇ ਪ੍ਰਮਾਤਮਾ ਜਾਂ ਆਮ ਮਨੁੱਖਤਾ ਲਈ ਕੋਈ ਪਿਆਰ ਨਹੀ ਹੁੰਦਾ ਪਰ ਜ਼ੁਬਾਨ ਨਾਲ ਆਮ ਜੰਨਤਾ ਨੂੰ ਕੀਲਣ ਦੀ ਬੜੀ ਮਹਾਰਤਾ ਰੱਖਦੇ ਹਨ । ਪਰ ਉਹ ਇਹ ਨਹੀ ਸੋਚਦੇ ਕਿ ਉਹ ਕੋਈ ਗੱਲ ਆਮ ਮਨੁੱਖ ਤੋਂ ਤਾਂ ਲਕੋ ਸਕਦੇ ਹਨ ਪਰ ਪ੍ਰਮਾਤਮਾ ਤਾਂ ਹਰ ਬਰੀਕ ਤੋਂ ਬਰੀਕ ਚੀਜ਼ ਨੂੰ ਅਸਾਨੀ ਨਾਲ ਦੇਖ ਸਕਦਾ ਹੈ । ਪ੍ਰਮਾਤਮਾ ਨੂੰ ਬਾਹਰਲੇ ਭੇਖ ਨਾਲ ਨਹੀ ਅੰਦਰਲੇ ਸੱਚ ਨਾਲ ਪਿਆਰ ਹੈ।ਚਾਚਾ ਜੀ, " ਸਾਡੇ ਵਰਗੇ ਤਾਂ ਇਹੀ ਸੋਚਦੇ ਹਨ ਕਿ ਪ੍ਰਮਾਤਮਾ ਕਿਹੜਾ ਦੇਖਿਆ ਜਦੋਂ ਮਰਕੇ ਉਹਦੇ ਕੋਲ ਜਾਂਵਾਂਗੇ ਦੇਖੀ ਜਾਊਂ ਹੁਣ ਤਾਂ ਲਉ ਨਜ਼ਾਰੇ,ਹੁਣ ਤਾਂ ਲੋਕਾਂ ਨੂੰ ਬੁੱਧੂ ਬਣਾਉ। ਅੱਜ ਦੇ ਸਮੇ ਵਿੱਚ ਤਾਂ ਇਹ ਕਿ ਪਿਆਰ ਕਰੀ ਜਾ ਪਰ ਟੋਕੀਂ ਨਾ, ਜੇ ਟੋਕਤਾ ਤਾਂ ਮੈ ਤੇਰੇ ਨਾਲ ਬੋਲਣਾ ਨਹੀ"ਭਤੀਜ, " ਇਥੋਂ ਹੀ ਬੁਰਾਈ ਦਾ ਮੁੱਢ ਬੱਝਦਾ ਹੈ,ਅਸੀਂ ਪ੍ਰਮਾਤਮਾ ਨੂੰ ਕਿਸੇ ਰੂਪ ਵਿੱਚ ਦੇਖਣਾ ਚਹੁੰਦੇ ਹਾਂ ਕਿ ਉਹ ਸਾਨੂੰ ਬਾਹੋਂ ਫੜ੍ਹਕੇ ਮਾੜੇ ਕੰਮ ਕਰਨੋ ਰੋਕੇ
ਪਰ ਭਤੀਜ ਜੋ ਸਾਡੀ ਜ਼ਮੀਰ ਦੀ ਅਵਾਜ਼ ਸਾਨੂੰ ਮਾੜੇ ਕੰਮ ਕਰਨ ਲੱਗਿਆਂ ਨੂੰ ਇੱਕਵਾਰ ਟੋਕਦੀ ਹੈ ਜਾਂ ਜੋ ਮਾੜਾ ਕਰਦਾ ਹੈ ਉਸਨੂੰ ਟੋਕਣ ਲਈ ਕਹਿੰਦੀ ਹੈ ਉਹੀ ਪ੍ਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਾਉਂਦੀ ਹੈ। ਜੋ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ। ਉਹ ਕਿਸੇ ਦੇ ਗੁੱਸੇ ਹੋਣ ਤੋਂ ਡਰਦੇ ਨਹੀ ਜੋ ਸੱਚ ਹੈ ਕਹਿ ਦਿੰਦੇ ਹਨ ਅਤੇ ਸੁਰਖਰੂ ਹੋ ਜਾਂਦੇ ਹਨ। ਬਾਕੀ ਭਤੀਜ ਤੂੰ ਇਹ ਸੋਚ ਕਿ ਕਿਸੇ ਦੇ ਗੁੱਸੇ ਹੋਣ ਨਾਲ ਕਿਤੇ ਸਮਾਂ ਰੁੱਕਿਆ ਉਸ ਨੇ ਆਪਣੀ ਚਾਲ ਚਲੀ ਜਾਣਾ ਨਾ ਹੀ ਕਿਸੇ ਦੇ ਗੁੱਸੇ ਹੋਣ ਨਾਲ ਕਿਸੇ ਦੇ ਕੰਮ ਰੁਕੇ। ਜਿਸ ਦਾ ਕੰਮ ਹੋਣਾ ਅਤੇ ਉਸ ਵਿੱਚ ਜਿਸ ਨੂੰ ਸੋਭਾ ਜਾਂ ਬਦਨਾਮੀ ਮਿਲਣੀ ਹੈ ਉਹ ਉਸ ਦੇ ਕੀਤੇ ਕੰਮਾਂ ਮੁਤਾਬਿਕ ਮਿਲ ਜਾਂਦੀ ਹੈ। ਬਾਕੀ ਭਤੀਜ ਮੋਤੀਆਂ ਦੇ ਢੇਰ ਨੂੰ ਮਾਲਾ ਨਹੀ ਕਿਹਾ ਜਾਂਦਾ । ਮਾਲਾ ਬਣਾਉਣ ਲਈ ਮੋਤੀਆਂ ਨੂੰ ਲੜ੍ਹੀਆਂ ਵਿੱਚ ਪ੍ਰੋਣਾ ਪੈਦਾ ।ਚਾਚਾ ਜੀ, "ਬਾਕੀ ਗਲ ਤਾਂ ਮੈ ਬੜੀ ਅਸਾਨੀ ਨਾਲ ਸਮਝ ਗਿਆ ਪਰ ਆਹ ਮੋਤੀਆਂ ਦੀ ਮਾਲਾ ਵਾਲੀ ਗੱਲ ਮੇਰੀ ਸਮਝ ਦੇ ਉੱਤੋਂ ਦੀ ਲੰਘ ਗਈ ਜਰਾ ਵਿਸਥਾਰ ਨਾਲ ਦੱਸੋਂ"
ਭਤੀਜ, "ਇੱਕਲਾ ਆਦਮੀ ਇੱਕਲਾ ਹੁੰਦਾ ਤੇ ਦੋ ਜਾਂ ਦੋ ਤੋਂ ਵੱਧ ਰੱਲਕੇ ਪ੍ਰੀਵਾਰ ਬਣਦਾ ਹੈ। ਜਿਵੇਂ ਇੱਕਲੇ ਮੋਤੀ ਨੂੰ ਮਾਲਾ ਨਹੀ ਕਿਹਾ ਜਾਂਦਾ,ਠੀਕ ਉਸੇ ਤਰਾਂ ਇੱਕਲੇ ਆਦਮੀ ਨੂੰ ਪ੍ਰੀਵਾਰ ਨਹੀ ਕਿਹਾ ਜਾਂਦਾ। ਜਿਸ ਤਰਾਂ ਇੱਕ ਮਾਲਾ ਵਿੱਚ ਇੱਕ ਮੋਤੀ ਹੀ ਉੱਪਰ ਹੁੰਦੀ ਹੈ। ਇਸੇ ਤਰਾਂ ਜੇ ਪ੍ਰੀਵਾਰ ਵਿੱਚ ਇੱਕ ਦੀ ਚੌਧਰ ਹੋਵੇ ਤਾਂ ਪਰਿਵਾਰ ਵਧੀਆ ਚਲਦਾ ਹੈ ਨਹੀ ਤਾਂ ਜੇ ਜੀਉ ਜੀਅ ਚੌਧਰੀ ਬਣਨਾ ਚਾਹੇ ਤਾਂ ਮੋਤੀਆਂ ਦੀ ਮਾਲਾ ਵਾਂਗ ਪ੍ਰੀਵਾਰ ਟੱਟ ਜਾਂਦੇ ਹਨ । ਜਿਸ ਤਰਾਂ ਬੱਚਾ ਆਪਣੇ ਮਾਪਿਆਂ ਤੋਂ ਦਸ ਚੀਜ਼ਾਂ ਲੈਕੇ ਇੱਕ ਹੋਰ ਲੈਣ ਲਈ ਜਿੱਦ ਕਰਦਾ ਹੈ ਜਾਂ ਗੁੱਸੇ ਹੋ ਜਾਂਦਾ ਹੈ । ਠੀਕ ਇਸੇ ਤਰਾਂ ਮਨੁੱਖ ਪ੍ਰਮਾਤਮਾ ਦੀਆਂ ਅਨੇਕਾਂ ਦਾਤਾਂ ਲੈਕੇ ਇੱਕ ਹੋਰ ਨਾ ਮਿਲਣ ਤੇ ਗੁੱਸਾ ਕਰਦਾ ਹੈ । ਪਰ ਸਾਨੂੰ ਸੁੱਖਮਣੀ ਸਹਿਬ ਦੇ ਇਸ ਸਬਦ ਤੋਂ ਸੇਧ ਲੈਣੀ ਚਾਹੀਦੀ ਹੈ। ਦਸ ਬਸਤੂ ਲੇ ਪਾਛੈ ਪਾਵੈ।। ਏਕ ਬਸਤੁ ਕਾਰਨਿ ਬਿਖੋਟ ਗਵਾਵੈ।।ਏਕ ਭਿ ਨਾ ਦੇਇ ਦਸ ਭੀ ਹਰ ਲੇਇ।।ਤਉ ਮੂੜਾ ਕਹੁ ਕਹਾ ਕਰੇਇ।। ਭਾਵ ਜੇ ਆਦਮੀ ਪ੍ਰਮਾਤਮਾ ਦੀਆਂ ਦਿੱਤੀਆਂ ਦਸ ਦਾਤਾਂ ਨਾਲ ਖੁਸ ਨਹੀ ਇੱਕ ਹੋਰ ਲੈਣ ਲਈ ਗੁੱਸੇ ਹੁੰਦਾ ਹੈ। ਜੇ ਪ੍ਰਮਾਤਮਾ ਪਹਿਲੀਆਂ ਦਸ ਦਿੱਤੀਆਂ ਵੀ ਖੋਹ ਲਵੇ ਤਾਂ ਉਹ ਕੀ ਕਰ ਲਵੇਗਾ?
ਚਾਚਾ ਜੀ, "ਅੱਜ ਦੇ ਮਨੁੱਖ ਦੀ ਤਾਂ ਇਹ ਫਿਤਰਤ ਹੈ ਕਿ ਮੇਰੇ ਕੁੱਝ ਚੰਗਾ ਹੋਵੇ ਜਾਂ ਨਾ ਹੋਵੇ ਪਰ ਮੈ ਕਿਸੇ ਦਾ ਚੰਗਾ ਨਹੀ ਹੋਣ ਦੇਣਾ,ਭਾਂਵੇਂ ਮਨੁੱਖ ਦੇ ਹੱਥ ਬਹੁਤ ਕੁੱਝ ਕਰਨ ਦੀ ਡੋਰ ਨਹੀ ਪਰ ਜਿੰਨੀ ਕੁ ਹੈ ਉਹ ਖਿੱਚਕੇ ਜਰੂਰ ਵੇਖਦਾ। ਕੁੱਝ ਲੋਕ ਤਾਂ ਧਰਮ,ਕਰਮ ਦੇ ਬੜੇ ਵਿਖਾਵੇ ਕਰਦੇ ਹਨ। ਸੁੱਭਾ ਸ਼ਾਮ ਪਾਠ ਕਰਨਾ ਵੀ ਰੱਬ ਤੇ ਅਹਿਸਾਨ ਸਮਝਦੇ ਹਨ। ਭੁੱਲ ਭਲੇਖੇ ਜੇ ਕਿਸੇ ਇਨਸਾਨ ਤੇ ਕੋਈ ਅਹਿਸਾਨ ਕਰ ਦੇਣ ਤਾਂ ਉਸ ਨੂੰ ਆਪਣੀ ਮਲਕੀਅਤ ਸਮਝਣ ਲੱਗ ਜਾਂਦੇ ਹਨ ।ਭਤੀਜ, " ਗੱਲ ਫਿਰ ਉਥੇ ਹੀ ਮੁੜਕੇ ਆ ਜਾਂਦੀ ਹੈ ਕਿ ਅਸੀਂ ਗੁਰਬਾਣੀ ਦਾ ਤੋਤਾ ਰੱਟਨ ਕਰਦੇ ਹਾਂ ਇਸ ਨੂੰ ਸਮਝਣ ਦੀ ਕੋਸ਼ਿਸ ਨਹੀ ਕਰਦੇ । ਜਿਸ ਤਰਾਂ ਕੰਮ ਕਰਕੇ ਸਾਨੂੰ ਹਫਤੇ ਬਾਅਦ ਚੈਕ ਮਿਲਦਾ ਹੈ । ਠੀਕ ਉਸੇ ਤਰਾਂ ਹਰ ਕੰਮ ਦਾ ਫਲ ਤੁਰੰਤ ਭਾਲਦੇ ਹਾਂ । ਪਰ ਬਾਣੀ ਦੀ ਇਸ ਤੁੱਕ ਨੂੰ ਜਰਾ ਕੁ ਵਿਚਾਰ, "ਕਰਮ ਕਰਤ ਹੋਵੇ ਨਿਹਕਰਮ।। ਤਿਸ ਬੈਸਨੋ ਕਾ ਨਿਰਮਲ ਧਰਮ।। ਭਾਵ ਅਸਲ ਧਰਮ ਕਿਸੇ ਫਲ ਦੀ ਇੱਛਾ ਨਾਲ ਕੀਤਾ ਕੰਮ ਨਹੀ । ਨਿਸ਼ਕਾਮ ਸੇਵਾ ਹੀ ਅਸਲ ਧਰਮ ਹੈ ।
ਚਾਚਾ ਜੀ, "ਅੱਜ ਕੱਲ ਤਾਂ ਕੋਈ ਵਿਰਲਾ ਹੀ ਹੋਵੇਗਾ, ਬਿਨਾਂ ਫਲ ਦੇ ਕੰਮ ਕਰਨ ਵਾਲਾ,ਅੱਜਕਲ ਤਾਂ ਗੁਰੂ ਘਰਾਂ ਵਿੱਚੋ ਜਿਥੋਂ ਸਾਨੂੰ ਸੇਧ ਮਿਲਣੀ ਹੈ,ਵਿੱਚ ਜਾਕੇ ਪਾਠ ਕਰਵਾਉਣ ਦੀ ਇੱਛਾ ਜਾਹਰ ਕਰੋ ਤਾਂ ਉਹ ਝੱਟ ਪਾਠ ਦੀ ਭੇਟਾ,ਸਮਗਰੀ,ਪਾਠੀਆਂ ਦੀ ਭੇਟਾ,ਕੀਰਤਨ ਦੀ ਭੇਟਾ,ਕਥਾਵਾਚਕ ਦੀ ਭੇਟਾ,ਇਥੋਂ ਤੱਕ ਕਿ ਚੌਉਰ ਕਰਨ ਵਾਲੇ ਦੀ ਭੇਟਾ ਦੀ ਲਿੱਸਟ ਤੁਹਾਡੇ ਹੱਥ ਫੜ੍ਹਾ ਦਿੰਦੇ ਹਨ । ਕਈਆਂ ਦੀ ਤਾਂ ਇਹ ਲਿਸਟ ਵੇਖਕੇ ਹੀ ਪਾਠ ਕਰਵਾਉਣ ਦੀ ਇੱਛਾ ਮੱਠੀ ਪੈ ਜਾਂਦੀ ਹੈ । ਜੋ ਕਰਵਾ ਲੈਂਦਾ ਫਿਰ ਉਹ ਕਿਹੜਾ ਬੈਠਕੇ ਸੁਣਦਾ । ਬਾਬਿਆਂ ਦੀ ਅਤੇ ਆਏ ਮਹਿਮਾਨਾਂ ਦੀ ਟਹਿਲ ਸੇਵਾ ਵਿੱਚ ਹੀ ਟਾਈਮ ਲੰਘ ਜਾਂਦਾ ਹੈ"
ਭਤੀਜ, "ਪਾਠ ਤਾਂ ਉਸ ਨੂੰ ਕਰਵਾਉਣਾ ਚਾਹੀਦਾ ਹੈ ਜੋ ਪੜ੍ਹਨ ਨਹੀ ਜਾਣਦੇ,ਜੇ ਅਸੀਂ ਆਪ ਪੜਕੇ ਉਸਨੂੰ ਸਮਝਣ ਦੀ ਕੋਸ਼ਿਸ਼ ਨਹੀ ਕਰਦੇ ਅਤੇ ਆਪਣੇ ਆਪ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣ ਦੀ ਕੋਸ਼ਿਸ ਨਹੀ ਕਰਦੇ ਤਾਂ ਅਸੀਂ ਸੁਚਿਆਰ ਨਹੀ ਬਣ ਸਕਦੇ"ਚੰਗਾ ਚਾਚਾ ਜੀ ਹੁਣ, "ਚੱਲਦੈ ਦੋ ਘੰਟੇ ਸੌਂ ਲਈਏ ਫੇਰ ਸਾਰੀ ਰਾਤ ਝਾਕਣੀਆਂ, ਤੁਹਾਡੀ ਬਹੁਤ ਮੇਹਰਬਾਨੀ ਅੱਜ ਮਨ ਦੇ ਕਈ ਸੰਕੇ ਦੂਰ ਹੋ ਗਏ,ਅੱਜ ਤਾਂ ਨਾਲੇ ਤੁਹਾਡੇ ਦਰਸ਼ਨ ਹੋ ਗਏ ਨਾਲੇ ਸੱਤ ਸੰਗ ਹੋ ਗਈ"ਚੰਗਾ ਭਤੀਜ, " ਮੈ ਵੀ ਤੇਰੀ ਚਾਚੀ ਨੂੰ ਕੰਮ ਤੋਂ ਚੱਕਣ ਜਾਣਾ, ਸਾਨੂੰ ਗਰੂਆਂ ਦੀ ਬਾਣੀ ਤਾਂ ਇਹੀ ਸਿੱਖਾਉਂਦੀਆ, "ਗੁਰ ਕੀ ਮਤ ਤੂੰ ਲੇਹ ਇਆਨੇ ॥ ਭਗਤ ਬਿਨਾ ਬਹੁ ਡੂਬੇ ਸਆਿਨੇ ॥ ਹਰ ਕੀ ਭਗਤ ਕਰਹੁ ਮਨ ਮੀਤ ॥ ਨਰਿਮਲ ਹੋਇ ਤੁਮ੍ਹ੍ਹਾਰੋ ਚੀਤ ॥ ਚਰਨ ਕਮਲ ਰਾਖਹੁ ਮਨ ਮਾਹ ॥ ਜਨਮ ਜਨਮ ਕੇ ਕਲਿਬਖਿ ਜਾਹ ॥ ਆਪ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤ ਪਾਵਹੁ ॥ ਸਾਰ ਭੂਤ ਸਤ ਹਰ ਕੋ ਨਾਉ ॥ ਸਹਜ ਸੁਭਾਇ ਨਾਨਕ ਗੁਨ ਗਾਉ ॥ਭਾਵ ਕਿ ਅਣਜਾਣ ਬੰਦੇ ਗੁਰਬਾਣੀ ਤੋਂ ਸੇਧ ਲੈਕੇ ਆਪਣਾ ਜੀਵਨ ਜਿਉਂ,ਇਸ ਤੋਂ ਬਿਨਾਂ ਬਹੁਤੇ ਸਿਆਣੇ ਵੀ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਜਾਂਦੇ ਹਨ, ਗੁਰਬਾਣੀ ਦੀ ਸੇਧ ਨਾਲ ਹੀ ਤੇਰਾ ਮਨ ਪਵਿਤ੍ਰ ਹੋਵੇਗਾ,ਜੇ ਪ੍ਰਮਾਤਮਾ ਯਾਦ ਆਪਣੇ ਮਨ ਵਿੱਚ ਵਸਾਂਵੇਂਗਾ ਤਾਂ ਤੇਰੇ ਔਗਣਾ ਦਾ ਨਾਸ ਹੋਵੇਗਾ,ਤੂੰ ਆਪ ਵੀ ਪ੍ਰਮਾਤਮਾ ਦਾ ਨਾਂ ਜਪ ਦੂਜਿਆਂ ਨੂੰ ਵੀ ਜਪਣ ਲਈ ਪ੍ਰੇਰ,ਅਭਿਆਸ ਕਰਦਿਆਂ,ਕਰਦਿਆਂ ਸਭ ਕੁੱਝ ਆਪਣੇ ਆ ਤੇਰੇ ਅੰਦਰ ਵਸ ਜਾਵੇਗਾ,ਫੇਰ ਚੰਗੇ ਕੰਮ ਕਰਨ ਦਾ ਤੇਰਾ ਸੁਭਾਅ ਬਣ ਜਾਵੇਗਾ" ਚੰਗਾ ਭਤੀਜ ਤੇਰੀ ਮੇਹਰਬਾਨੀ ਟਾਈਮ ਵੱਧੀਆ ਲੰਘ ਗਿਆ,ਜਦੋਂ ਟਈਮ ਮਿਲਦਾ ਆਕੇ ਮਿਲ ਜਾਇਆ ਕਰ।